Last Letter of Irfan Khan ਇਰਫ਼ਾਨ ਖਾਨ ਦੀ ਆਖਰੀ ਚਿੱਠੀ | Punjabi Sahit |

Sdílet
Vložit
  • čas přidán 29. 09. 2023
  • #irfankhan #irfankhandeath
    ਆਪਣੀ ਬਿਮਾਰੀ ਬਾਰੇ ਪਤਾ ਲੱਗਣ ਤੋਂ ਬਾਅਦ, ਵਿੱਚ ਇਰਫ਼ਾਨ ਨੇ ਲੰਡਨ ਦੇ ਹਸਪਤਾਲੋਂ ਇੱਕ ਚਿੱਠੀ ਲਿਖੀ ਸੀ । ਜੀਹਦੇ ਵਿੱਚ ਉਹਨੇ ਮੌਤ ਅਤੇ ਜ਼ਿੰਦਗੀ ਦੀ ਕਸ਼ਮਕਸ਼,ਦਰਦ ਦੀ ਮੂਲ ਤਾਸੀਰ, ਪਹਿਲੀ ਵਾਰੀ ਹੋ ਰਹੇ ਗੁੱਝੇ ਅਤੇ ਰਹੱਸਮਈ ਅਨੁਭਵਾਂ ਅਤੇ ਅਧਿਆਤਮ ਦੇ ਲਿਸ਼ਕਾਰਿਆਂ ਬਾਰੇ ਗੱਲਾਂ ਕੀਤੀਆਂ ਦੀ ।
    ਜ਼ਿੰਦਗੀ ਦੀ ਅਜਬ ਜਿਹੀ ਅਤੇ ਅਤਿ-ਫੁਰਤੀਲੇ ਵੇਗ ਵਾਲ਼ੀ ਟ੍ਰੇਨ 'ਤੇ ਚੜ੍ਹਿਆ ਹੋਇਆ ਹਾਲੇ ਤੱਕ ਮੈਂ ਆਪਣੀ ਹੀ ਕਿਸੇ ਅਣਜਾਣੀ ਧੁਨ ਵਿੱਚ ਬੜੀ ਤੇਜ਼ ਗਤੀ ਨਾਲ਼ ਅੱਗੇ, ਅੱਗੇ ਤੇ ਹੋਰ ਅੱਗੇ ਵਧ ਰਿਹਾ ਸੀ । ਮੇਰੇ ਕਿੰਨੇ ਹੀ ਸੁਪਨੇ, ਸੱਧਰਾਂ ਅਤੇ ਨਿਸ਼ਾਨੇ ਸੀ ਜਿਨ੍ਹਾਂ ਦੇ ਸੁਪਨਈ ਸੰਸਾਰ ਵਿੱਚ ਕੁੱਦਣ ਲਈ ਮੈਂ ਪੂਰੀ ਵਾਹ ਲਾ ਰੱਖੀ ਸੀ । ਏਸ ਲੰਮੀ ਕਸ਼ਮਕਸ਼ ਦੀਆਂ ਬਣਦੀਆਂ-ਵਿਗੜਦੀਆਂ ਬਣਤਰਾਂ ਦੇ ਵਿੱਚ ਇੱਕ ਦਿਨ ਅਚਾਨਕ ਨੇ TC ਨੇ ਮੇਰੇ ਮੋਢੇ 'ਤੇ ਹੱਥ ਮਾਰ ਮੈਨੂੰ ਥੋੜ੍ਹਾ ਜਿਹਾ ਹਲੂਣਿਆ ਤੇ ਕਿਹਾ," ਔਹ ਤੇਰਾ ਸਟੇਸ਼ਨ ਆ ਗਿਆ ਏ ਜਵਾਨਾ ! ਤਿਆਰੀ ਖਿੱਚ ਲੈ ! " ਮੈਂ ਉਲਝਣ ਜਿਹੀ ਵਿੱਚ ਉਹਦੇ ਨਾਲ਼ ਥੋੜ੍ਹਾ ਬਹਿਸਿਆ ਕਿ ਨਹੀਂ ! ਨਹੀਂ ! ਅਜੇ ਮੇਰਾ ਸਟੇਸ਼ਨ ਕਿੱਥੋੰ ਆ ਗਿਆ, ਮੈਂ ਤਾਂ ਹਾਲੇ ਬੜੀ ਦੂਰ ਜਾਣਾ । ਬੋਲਿਆ, " ਇਹੀ ਤੇਰਾ ਸਟੇਸ਼ਨ ਨਿਯਤ ਹੋਇਆ ਏ ਪੁੱਤਰਾ । ਕਦੇ-ਕਦੇ ਇੰਝ ਹੀ ਹੁੰਦੈ । ਝੱਲਾ ਨਾ ਬਣ । ਉੱਤਰ ਜਾ । "
    ਕਾਲ਼ੀ-ਬੋਲ਼ੀ ਨ੍ਹੇਰੀ ਵਾਂਗੂੰ ਚੜ੍ਹ ਕੇ ਆਈ ਏਸ ਘੜੀ ਨੇ ਮੇਰੇ ਮਨ ਦੀਆਂ ਡੂੰਘੀਆਂ ਪਰਤਾਂ ਦੇ ਟੱਲ ਖੜਕਾ ਦਿੱਤੇ ਅਤੇ ਉਦੋਂ ਮੈਨੂੰ ਅਹਿਸਾਸ ਹੋਇਆ ਕਿ ਅਸੀਂ ਤਾਂ ਮਹਿਜ਼ ਕਿਸੇ ਰੁੱਖ ਦੇ ਪਤਲੇ ਜਿਹੇ ਸੱਕ ਜਾਂ ਫਿਰ ਕਿਸੇ ਖਾਲੀ ਬੋਤਲ ਦੇ ਉਸ ਢੱਕਣ ਤੋਂ ਵੱਧ ਕੇ ਕੁਝ ਵੀ ਨਹੀਂ ਜਿਹੜਾ ਇੱਕ ਮਹਾਂ-ਵਿਸ਼ਾਲ ਸਮੁੰਦਰ ਦੀਆਂ ਅਗਿਆਤ ਲਹਿਰਾਂ 'ਤੇ ਉੱਤੇ-ਥੱਲੇ ਹੁੰਦਾ, ਡਿੱਕ-ਡੋਲੇ ਖਾਂਦਾ ਵਹਿ ਰਿਹਾ ।
    ਇਸ ਹਫ਼ਰਾ-ਤਫ਼ਰੀ ਅਤੇ ਹੜਬੜਾਹਟ ਦੇ ਵਿੱਚ ਮੈਂ ਆਪਣੇ ਪੁੱਤ ਨੂੰ ਕਿਹਾ," ਯਾਰ, ਮੈਂ ਇਸ ਸਹਿਮ ਅਤੇ ਡਰ ਦੇ ਭੈੜੇ ਜਿਹੇ ਮਾਹੌਲ ਵਿੱਚ ਨਹੀਂ ਜਿਉਣਾ ਚਾਹੁੰਦਾ ਜਿਹੜਾ ਮੇਰੇ ਤਨ ਅਤੇ ਮਨ ਦੋਵਾਂ ਨੂੰ ਅਸਲੋੰ ਸਿੱਥਲ ਅਤੇ ਅਪੰਗ ਬਣਾਉਣ 'ਤੇ ਤੁਲਿਆ ਹੋਇਆ । ਮੈਨੂੰ ਕਿਸੇ ਵੀ ਕੀਮਤ ਉੱਤੇ ਮੇਰੇ ਪੈਰ ਚਾਹੀਦੇ ਨੇ । ਉਹੀ ਪੈਰ, ਜਿਹੜੇ ਸਾਰੀ ਉਮਰ ਮੈਨੂੰ ਨਵੀਆਂ ਤੇ ਨਰੋਈਆਂ ਦਿਸ਼ਾਵਾਂ ਵੱਲ ਲਿਜਾਂਦੇ ਰਹੇ । ਮੇਰੇ ਪੈਰ ।
    ਤੇ ਫਿਰ ਇੱਕ ਦਰਦ, ਜੀਹਦੇ ਨਾਲ਼ ਮੇਰਾ ਕੋਈ ਵਾਹ-ਵਾਸਤਾ ਨਹੀਂ ਸੀ, ਮੈਨੂੰ ਚਾਰੇ ਪਾਸਿਓਂ ਜਕੜ ਲੈਂਦਾ । ਮੈਨੂੰ ਆਪਣੇ ਲੰਮੇ-ਚੌੜੇ ਜਾਲ਼ ਵਿੱਚ ਕੱਸ ਕੇ ਮੇਰੀ ਦੇਹ ਅਤੇ ਮੇਰੀ ਰੂਹ ਨੂੰ ਆਪਣੇ ਹੀ ਭਿਆਨਕ ਢੰਗ ਨਾਲ਼ ਵਲ਼ ਲੈਂਦਾ । ਇਹ ਉਹ ਵਕਤ ਸੀ, ਜਦੋਂ ਜ਼ਿੰਦਗੀ ਵਿੱਚ ਪਹਿਲੀ ਦਫ਼ਾ ਮੈਂ ' ਦਰਦ ' ਦੀ ਮੂਲ ਤਾਸੀਰ, ਉਸ ਦੀ ਵਿਆਪਕਤਾ ਅਤੇ ਉਸ ਦੀ ਬੇਜੋੜ ਤੀਬਰ ਤਾਕਤ ਨੂੰ ਨੇੜਿਓਂ ਵੇਖ ਰਿਹਾ ਸੀ । ਸਹੁੰ ਰੱਬ ਦੀ ! ਕੋਈ ਦਿਲਾਸਾ, ਕੋਈ ਹਮਦਰਦੀ ਕੰਮ ਨਹੀਂ ਸੀ ਕਰ ਰਹੀ । ਚਹੁੰ ਪਾਸੇ ਦਰਦ ਹੀ ਦਰਦ ਸੀ । ਨਿਰੋਲ ਦਰਦ । ਰੱਬ ਤੋਂ ਵੀ ਵੱਡਾ ਦਰਦ । ਕੁਝ ਸਮਝ ਆ ਰਿਹਾ ਸੀ : ਇੱਥੇ ਇੱਕੋ ਹੀ ਗੱਲ ਸਥਾਈ ਹੈ ਕਿ ਇੱਥੇ ਕੱਖ ਵੀ ਸਥਾਈ ਨਹੀਂ ।
    ਮੈਂ ਜਿਹੜੇ ਹਸਪਤਾਲ ਵਿੱਚ ਹਾਂ ਇਹ ਸੜਕ ਦੇ ਇੱਕ ਪਾਸੇ ਹੈ ਅਤੇ ਸੜਕ ਦੇ ਦੂਜੇ ਪਾਸੇ ਲਾਰਡ ਸਟੇਡੀਅਮ ਹੈ ਜਿੱਥੇ Vivian Richards ਦਾ ਮੁਸਕੁਰਾਉਂਦਾ ਹੋਇਆ ਪੋਸਟਰ ਲੱਗਿਆ ਹੋਇਆ । ਤੁਹਾਨੂੰ ਦੱਸ ਦਿਆਂ ਕਿ Vivian Richards ਉਹ ਇਨਸਾਨ ਸੀ ਜਿਹੜਾ ਮੇਰੇ ਬਚਪਨ ਵਿੱਚ ਮੇਰੇ ਸੁਪਨਿਆਂ ਦਾ ਮੱਕਾ ਹੀ ਬਣ ਗਿਆ ਸੀ । ਇਹ ਪਹਿਲੀ ਵਾਰੀ ਹੋ ਰਿਹਾ ਸੀ ਕਿ Vivian ਨੂੰ ਦੇਖਦਿਆਂ ਮੇਰੇ ਮਨ 'ਚ ਕੁਝ ਵੀ ਨਹੀਂ ਸੀ ਆ ਰਿਹਾ । ਬੱਸ ਇੱਕ ਖਾਲੀ-ਖਾਲੀ ਜਿਹਾ ਅਹਿਸਾਸ ਸੀ । ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਇਹ ਸਭ ਗੱਲਾਂ ਦਾ ਮੇਰੇ ਨਾਲ਼ ਕਦੇ ਕੋਈ ਰਿਸ਼ਤਾ ਰਿਹਾ ਹੀ ਨਾ ਹੋਵੇ। ਇਹ ਸਭ ਕਿਸੇ ਬੇਗਾਨੀ ਦੁਨੀਆ ਦਾ ਹਿੱਸਾ ਲੱਗ ਰਿਹਾ ਸੀ । ਹਸਪਤਾਲ ਦੀ ਬਾਲਕਨੀ 'ਚ ਖੜ੍ਹੇ ਨੂੰ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਹੁਣ ਤੱਕ ਦੇ ਸਾਰੇ ਦਾਅਵੇ ਝੂਠੇ ਪੈ ਰਹੇ ਨੇ ਅਤੇ ਇੱਕ-ਇੱਕ ਕਰਕੇ ਮੇਰੀਆਂ ਹੀ ਅੱਖਾਂ ਮੂਹਰੇ ਕਿਰ ਰਹੇ ਨੇ । ਹੱਥ-ਪੈਰ ਮਾਰਦਿਆਂ ਕੁਝ ਵੀ ਐਸਾ ਨਹੀਂ ਸੀ ਲੱਭ ਰਿਹਾ ਜੀਹ'ਤੇ ਮੈਂ ਆਪਣਾ ਹੱਕ ਜਤਾ ਸਕਦਾ । ਵਿਸ਼ਾਲ ਘੁੰਮਣਘੇਰੀ ਅੱਗੇ ਸ਼ਾਇਦ ਇਹ ਹਸਪਤਾਲ ਵੀ ਛਿੱਦਾ ਪੈ ਜਾਵੇਗਾ । ਸਾਹਮਣੇ ਕੁਝ ਹੋਰ ਦਿਸ ਰਿਹਾ ਸੀ । ਮੇਰੇ ਅੰਦਰੋਂ ਬਾਕੀ ਸਭ ਕੁਝ ਖਤਮ ਹੋ ਰਿਹਾ ਸੀ ਪਰ ਹਾਂ, ਹੁਣ ਖ਼ੁਦਾ ਦੀ ਅਨੰਤ ਸ਼ਕਤੀ ਅਤੇ ਪਾਵਨ ਬੁੱਧੀ ਦੇ ਕਰਾਮਾਤੀ ਲਿਸ਼ਕਾਰੇ ਮੇਰੀ ਖੱਲ ਵਿੱਚ ਵਰੋਲ਼ੇ ਵਾਂਗੂੰ ਉੱਠ ਰਹੇ ਸੀ । ਥੋੜ੍ਹੀ ਹਿੰਮਤ ਉੱਸਰ ਰਹੀ ਸੀ ਕਿ ਏਸ ਮੁਸ਼ਕਿਲ ਦੌਰ ਨੂੰ ਦਲੇਰੀ ਨਾਲ਼ ਨਜਿੱਠਿਆ ਜਾਵੇ । ਏਸ ਨਵੇਂ ਜੁਟ ਰਹੇ ਸਾਰੇ ਅਹਿਸਾਸ ਨੇ ਮੈਨੂੰ ਵੱਡਾ ਸਹਾਰਾ ਦਿੱਤਾ । ਇੱਕ ਸਮਮਰਪਣ, ਇੱਕ ਵਿਸ਼ਵਾਸ, ਇੱਕ ਭਰੋਸੇ ਦਾ ਆਲਮ ਮੈਨੂੰ ਆਪਣੇ ਕਲਾਵੇ ਵਿੱਚ ਲੈਣ ਲੱਗਾ । ਨਤੀਜਾ ਕੁਝ ਵੀ ਹੋਵੇ, ਇਹ ਬਿਮਾਰੀ ਅੱਜ ਤੋਂ ਚਾਰ ਮਹੀਨੇ,ਅੱਠ ਮਹੀਨੇ ਜਾਂ ਦੋ ਸਾਲਾਂ ਬਾਅਦ ਮੈਨੂੰ ਕਿਤੇ ਵੀ ਲੈ ਜਾਵੇ, ਮੈਂ ਹਿੰਮਤ ਨਹੀਂ ਹਾਰਨੀ । ਹੌਲ਼ੀ-ਹੌਲ਼ੀ ਮੇਰੀ ਚਿੰਤਾ ਧੁੰਦਲੀ ਪੈਣ ਲੱਗੀ ਅਤੇ ਫਿਰ ਮੇਰੇ ਮਨ 'ਚੋਂ ਕੋਈ ਰਾਹ ਜਿਹਾ ਬਣਾ ਕੇ ਨਿੱਕਲ ਹੀ ਗਈ ।
    ਪਹਿਲੀ ਵਾਰੀ ਮੈਂ ਜਾਣਿਆ ਕਿ ' ਆਜ਼ਾਦੀ ' ਕਿਸ ਸ਼ੈਅ ਦਾ ਨਾਮ ਹੁੰਦਾ ਹੈ । ਜਿਵੇਂ ਮੈਨੂੰ ਕੋਈ ਨਵਾਂ ਅਹੁਦਾ ਹੀ ਮਿਲ ਗਿਆ ਹੋਵੇ । ਪਹਿਲੀ ਵਾਰੀ ਮੈਂ ਜ਼ਿੰਦਗੀ ਦੀਆਂ ਜਾਦੂਮਈ ਸੁਰਾਂ ਦਾ ਸਵਾਦ ਚੱਖ ਰਿਹਾ ਸੀ । ਪਰਮਾਤਮਾ ਦੀ ਅਸੀਮ ਸੱਤਾ ਵਿੱਚ ਮੇਰਾ ਅਟੱਲ ਯਕੀਨ ਸਥਾਪਿਤ ਹੋ ਗਿਆ । ਇਹ ਯਕੀਨ ਮੇਰੇ ਸਰੀਰ ਦੇ 'ਕੱਲੀ-'ਕੱਲੀ ਕੋਸ਼ਿਕਾ ਵਿੱਚ ਫੈਲ ਗਿਆ । ਇਹ ਤਾਂ ਸਮੇਂ ਨੇ ਦੱਸਣਾ ਕਿ ਇਹ ਵਿਸ਼ਵਾਸ ਕਿੰਨਾ ਕੁ ਚਿਰ ਰੁਕੇਗਾ ਪਰ ਹਾਲ ਦੀ ਘੜੀ ਮੈਂ ਪੂਰੀ ਆਜ਼ਾਦੀ ਅਤੇ ਸਮਰਪਣ ਵਿੱਚ ਹਾਂ ।
    ਦਰਦ ਦੀ ਇਸ ਲੰਮੀ ਯਾਤਰਾ ਵਿੱਚ ਦੁਨੀਆ ਭਰ ਦੇ ਲੋਕ, ਜਿਨ੍ਹਾਂ ਨੂੰ ਮੈਂ ਕਦੇ ਮਿਲਿਆ ਵੀ ਨਹੀਂ, ਜਾਣਦਾ ਵੀ ਨਹੀਂ, ਮੇਰੇ ਠੀਕ ਹੋਣ ਲਈ ਦੁਆਵਾਂ ਕਰ ਰਹੇ ਨੇ । ਮੈਨੂੰ ਇਉਂ ਲਗਦੈ ਕਿ ਸਾਰੇ ਲੋਕਾਂ ਦੀ ਅਣਗਿਣਤ ਅਰਦਾਸਾਂ 'ਕੱਠੀਆਂ ਹੋ ਕੇ ਕਿਸੇ ਇੱਕ ਇਕਾਈ ਵਿੱਚ ਹੀ ਢਲ਼ ਗਈਆਂ ਨੇ ਅਤੇ ਜ਼ਿੰਦਗੀ ਦੀ ਇਹ ਸਾਂਝੀ ਅਤੇ ਜਗਦੀ ਹੋਈ ਜੋਤ ਮੇਰੀ ਕੰਗਰੋੜ 'ਚੋਂ ਗੁਜ਼ਰਦੀ ਹੋਈ ਹੋਈ ਮੇਰੇ ਸਿਰ ਦੇ ਉੱਪਰਲੇ ਹਿੱਸੇ ਵਿੱਚ ਜਾ ਕੇ ਨਵੀਨਤਾ ਅਤੇ ਉਤਸ਼ਾਹ ਨਾਲ ਹਰੀ ਹੋ ਰਹੀ ਹੈ । ਪੁੰਗਰ ਰਹੀ ਹੈ । ਪੁੰਗਰਦਿਆਂ-ਪੁੰਗਰਦਿਆਂ ਇਹ ਰੌਸ਼ਨੀ ਕਦੇ ਫੁੱਲ-ਕਲ਼ੀ, ਕਦੇ ਪੱਤੀ ਅਤੇ ਕਦੇ ਇੱਕ ਟਾਹਣੀ ਦਾ ਸਰੂਪ ਅਖਤਿਆਰ ਕਰ ਰਹੀ ਹੈ । ਟਾਹਣੀਆਂ-ਪੱਤਰਾਂ ਦੀ ਇਹ ਹਰਿਆਲੀ ਮੈਨੂੰ ਹੈਰਾਨੀ, ਖ਼ੁਸ਼ੀ ਅਤੇ ਉਤੇਜਨਾ ਨਾਲ਼ ਲਬਰੇਜ਼ ਕਰ ਰਹੀ ਹੈ । ਮੈਨੂੰ ਫਿਰ ਉਹੀ ਮਹਾਂ-ਵਿਸ਼ਾਲ ਸਾਗਰ ਦੀਆਂ ਅਗਿਆਤ ਲਹਿਰਾਂ ਵਾਲ਼ੀ ਗੱਲ ਯਾਦ ਆ ਰਹੀ ਹੈ ਅਤੇ ਹੁਣ ਮੈਂ ਮਹਿਸੂਸ ਵੀ ਕਰ ਰਿਹਾਂ ਹਾਂ ਕਿ ਉਹਨਾਂ ਲਹਿਰਾਂ ਨੂੰ ਕਾਬੂ ਜਾਂ ਨਿਯੰਤਰਿਤ ਕਰਨਾ ਸਾਡਾ ਕੰਮ ਨਹੀਂ । ਅਸੀਂ ਕਰ ਵੀ ਨਹੀਂ ਸਕਦੇ । ਬੱਸ ਮੁੱਕਦੀ ਗੱਲ ਇਹੀ ਹੈ ਕਿ ਤੁਸੀਂ ਕੁਦਰਤ ਦੀਆਂ ਲਹਿਰਾਂ ਦੇ ਮਹਾਨ ਪੰਘੂੜੇ ਵਿੱਚ ਇੱਕ ਸਮਰਪਣ ਅਤੇ ਆਸਥਾ ਨਾਲ਼ ਝੂਲ਼ਦੇ ਰਹੋ । ਸੱਚੀਂ ! ਬੱਸ ਇਹੀ ਗੱਲ ਹੈ ਹੋਰ ਕੁਝ ਨਹੀਂ ।
    ਇਰਫ਼ਾਨ ਖ਼ਾਨ
    ਲੰਡਨ
    2018

Komentáře •